ਕੱਲ (22 ਮਾਰਚ) ਲੰਬੀ ਵਿਖੇ ਐਨ.ਆਰ.ਐਚ.ਐਮ. ਮੁਲਾਜਮਾਂ ਅਤੇ ਦਿੱਲੀ ਵਿਖੇ ਸਨਅਤੀ ਮਜ਼ਦੂਰਾਂ ਉੱਤੇ ਪੁਲਿਸ ਨੇ ਬਰਬਰ ਲਾਠੀਚਾਰਜ ਕੀਤਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਲੋਕ ਵਿਰੋਧੀ ਕਿਰਦਾਰ ਨੂੰ ਲੋਕ ਚੰਗੀ ਤਰਾਂ ਜਾਣਦੇ-ਸਮਝਦੇ ਹਨ। ਲੰਬੀ ਵਿਖੇ ਆਪਣੀਆਂ ਜਾਇਜ ਮੰਗਾਂ ਲਈ ਮੁਜਾਹਰਾ ਕਰ ਰਹੇ ਸਿਹਤ ਵਿਭਾਗ ਦੇ ਐਨ.ਆਰ.ਐਚ.ਐਮ. ਮੁਲਾਜਮਾਂ ਉੱਤੇ ਹੋਏ ਬਰਬਰ ਲਾਠੀਚਾਰਜ ਨਾਲ਼ ਅਕਾਲੀ-ਭਾਜਪਾ ਸਰਕਾਰ ਦੇ ਕਾਲੇ ਕਾਰਨਾਮਿਆਂ ਦੇ ਗ੍ਰੰਥ ਵਿੱਚ ਇੱਕ ਹੋਰ ਪੰਨਾ ਜੁਡ਼ ਗਿਆ ਹੈ। ਅਕਾਲੀ ਦਲ, ਭਾਜਪਾ, ਕਾਂਗਰਸ ਜਿਹੀਆਂ ਲੋਟੂ ਪਾਰਟੀਆਂ ਤੋਂ ਤੰਗ ਆਏ ਲੋਕ ਪਹਿਲਾਂ ਅੰਨਾ ਦੇ ''ਅੰਦੋਲ਼ਨ''ਵੱਲ਼ ਅਤੇ ਫੇਰ ਕੇਜ਼ਰੀਵਾਲ਼ ਦੀ ਆਪ ਪਾਰਟੀ ਵੱਲ਼ ਭਲਾਈ ਦੀਆਂ ਆਸਾਂ ਲੈ ਕੇ ਖਿੱਚੇ ਚਲੇ ਗਏ ਸਨ (ਇਹਨਾਂ ਵਿੱਚ ਖੁਦ ਨੂੰ ਮਾਰਕਸਵਾਦੀ ਕਹਾਉਣ ਵਾਲੇ ਥੱਕੇ-ਹਾਰੇ ''ਕਾਮਰੇਡ''ਵੀ ਕਾਫੀ ਗਿਣਤੀ ਵਿੱਚ ਸ਼ਾਮਲ ਹਨ)। ਅਸੀਂ ਸ਼ੁਰੂ ਤੋਂ ਹੀ (ਅੰਨਾ ''ਅੰਦੋਲਨ'' ਦੇ ਸਮੇਂ ਤੋਂ) ਕਹਿੰਦੇ ਆਏ ਹਾਂ ਕਿ ਅੰਨਾ-ਕੇਜ਼ਰੀਵਾਲ਼ ਮੰਡਲੀ ਤੋਂ ਲੋਕ ਭਲਾਈ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ, ਕਿ ਇਹਨਾਂ ਦੀ ਮੌਜੂਦਾ ਸਰਮਾਏਦਾਰੀ ਪ੍ਰਬੰਧ ਅਤੇ ਉਦਾਰੀਕਰਨ-ਨਿੱਜੀਕਰਨ-ਸੰਸਾਰੀਕਰਨ ਦੀਆਂ ਘੋਰ ਲੋਕ ਵਿਰੋਧੀ ਨੀਤੀਆਂ ਨਾਲ਼ ਕੋਈ ਅਸਹਿਮਤੀ ਨਹੀਂ ਹੈ। ਅਸੀਂ ਲਗਾਤਾਰ ਕਹਿੰਦੇ ਆਏ ਹਾਂ ਕਿ ਇਹਨਾਂ ਦੀਆਂ ਲੋਕ ਭਲਾਈ ਦੀਆਂ ਗੱਲਾਂ ਸਭ ਡਰਾਮੇਬਾਜੀ ਹੈ, ਕਿ ਇਹਨਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਸਰਮਾਏਦਾਰ ਜਮਾਤ ਦੀ ਸੇਵਾ ਕਰਨਾ ਹੈ। ਵੇਖਿਆ ਜਾਵੇ ਤਾਂ ਹੋਰਾਂ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਨੂੰ ਵੱਧ ਖਤਰਨਾਕ ਹੈ ਕਿਉਂ ਕਿ ਇਹ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਵੱਧ ਕਾਮਯਾਬ ਰਹੀ ਹੈ। ਅਸੀਂ ਕਿਹਾ ਸੀ ਕਿ ਜਲ਼ਦ ਹੀ ਕੇਜ਼ਰੀਵਾਲ਼ ਮੰਡਲੀ ਦੀ ਸੱਚਾਈ ਵੀ ਲੋਕਾਂ ਸਾਹਮਣੇ ਆਵੇਗੀ। ਕੱਲ ਦਿੱਲੀ ਵਿਖੇ ਸਨਅਤੀ ਮਜ਼ਦੂਰਾਂ ਉੱਤੇ ਹੋਏ ਭਿਆਨਕ ਤਸ਼ੱਦਦ ਨੇ ਆਪ ਪਾਰਟੀ ਦੇ ਖੂੰਖਾਰ ਚਿਹਰੇ 'ਤੇ ਪਾਇਆ ਲੋਕ ਪੱਖੀ ਬੁਰਕਾ ਲੀਰੋ-ਲੀਰ ਕਰ ਦਿੱਤਾ ਹੈ । ਠੇਕੇਦਾਰੀ ਪ੍ਰਬੰਧ ਦੇ ਖਾਤਮੇ ਅਤੇ ਹੋਰ ਜਾਇਜ ਮੰਗਾਂ-ਮਸਲਿਆਂ 'ਤੇ ਦਿੱਲੀ ਸਕੱਤਰੇਤ ਵਿਖੇ ਕੇਜ਼ਰੀਵਾਲ਼ ਨੂੰ ਮੰਗ ਪੱਤਰ ਦੇਣ ਗਏ ਵੱਡੀ ਗਿਣਤੀ ਮਜ਼ਦੂਰਾਂ ਉੱਤੇ ਪੁਲਿਸ ਨੇ ਭਿਆਨਕ ਢੰਗ ਨਾਲ਼ ਡਾਂਗਾ ਵਰਾਈਆਂ ਹਨ । ਪੁਲੀਸ ਦਾ ਇਰਾਦਾ ਮਜ਼ਦੂਰਾਂ ਨੂੰ ਭਜਾਉਣ ਜਾਂ ਖਿਡਾਉਣ ਦਾ ਨਹੀਂ ਸੀ ਸਗੋਂ ਉਹਨਾਂ ਨਾਲ਼ ਬੁਰੀ ਤਰਾਂ ਕੁੱਟਮਾਰ ਕਰਕੇ, ਉਹਨਾਂ ਨੂੰ ਅਪਮਾਨਿਤ ਕਰਕੇ ਸਬਕ ਸਿਖਾਉਣ ਦਾ ਸੀ। ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਔਰਤ ਮਜ਼ਦੂਰਾਂ ਤੇ ਕਾਰਕੁੰਨਾਂ ਦੀ ਕੁੱਟਮਾਰ ਤੋਂ ਇਲਾਵਾ ਮਰਦ ਪੁਲਿਸ ਨੇ ਉਹਨਾਂ ਦੇ ਢਿੱਡਾਂ ਅਤੇ ਗੁਪਤ ਅੰਗਾਂ ਚ ਡੰਡੇ ਮਾਰੇ, ਔਰਤਾਂ ਨੂੰ ਵਾਲਾ ਤੋਂ ਫਡ਼ ਕੇ ਘਸੀਟ-ਘਸੀਟ ਕੇ ਕੁੱਟਿਆ ਗਿਆ। ਭੱਜਦੇ ਮਜ਼ਦੂਰਾਂ ਉੱਤੇ ਪੁਲਿਸ ਨੇ ਇੱਟਾਂ-ਪੱਥਰ ਸੁੱਟੇ। ਕਈ ਔਰਤ-ਮਰਦ ਮੁਜਾਹਰਾਕਾਰੀਆਂ ਦੀਆਂ ਲੱਤਾਂ, ਮੋਡਿਆਂ, ਬਾਹਵਾਂ, ਹੱਥਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਪੁਲੀਸ ਨੇ ਜਖ਼ਮੀਆਂ ਦਾ ਇਲਾਜ ਤੱਕ ਕਰਾਉਣ ਤੋਂ ਨਾਂਹ ਕਰ ਦਿੱਤੀ। ਇੱਕ ਦਰਜਨ ਤੋਂ ਵਧੇਰੇ ਮੁਜਾਹਰਾਕਾਰੀ ਗ੍ਰਿਫਤਾਰ ਕਰ ਲਏ ਗਏ। ਹਵਾਲਾਤ ਵਿੱਚ ਉਹਨਾਂ ਦੀ ਬੁਰੀ ਤਰਾਂ ਕੁੱਟਮਾਰ ਜਾਰੀ ਰਹੀ।
ਕੇਜ਼ਰੀਵਾਲ ਭਗਤਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਿਕ ਕੰਮ ਕਰਦੀ ਹੈ। ਇਹ ਪੂਰਾ ਸੱਚ ਨਹੀਂ ਹੈ। ਦਿੱਲੀ ਸਕੱਤਰੇਤ ਵਿਖੇ ਦਿੱਲੀ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਲਾਠੀਚਾਰਜ ਨਹੀਂ ਕੀਤਾ ਜਾ ਸਕਦਾ। ਚਾਰ-ਪੰਜ ਘੰਟੇ ਮੁਜਾਹਰਾਕਾਰੀ ਧਰਨਾ ਲਾ ਕੇ ਬੈਠੇ ਰਹੇ। ਦਿੱਲੀ ਸਰਕਾਰ ਵੱਲੋਂ ਕੋਈ ਵੀ ਉਹਨਾਂ ਦੀ ਸਮੱਸਿਆ ਤੱਕ ਪੁੱਛਣ ਨਹੀਂ ਆਇਆ। ਉੱਤੋਂ ਉਹਨਾਂ 'ਤੇ ਡਾਂਗਾ ਵਰਾਈਆਂ ਗਈਆਂ। ਇਸ ਤੋਂ ਬਾਅਦ ਵੀ, ਦਿੱਲੀ ਸਰਕਾਰ ਅਤੇ ਆਪ ਪਾਰਟੀ ਵੱਲੋਂ ਇਸ ਘਟਨਾ ਦੀ ਨਾ ਤਾਂ ਕੋਈ ਨਿਖੇਧੀ ਹੋਈ ਹੈ ਅਤੇ ਨਾ ਹੀ ਕੋਈ ਜਖਮੀ ਮਜ਼ਦੂਰਾਂ ਨੂੰ ਮਿਲਣ ਗਿਆ ਹੈ। ਨਾਜਾਇਜ ਤੌਰ ਉੱਤੇ ਗ੍ਰਿਫਤਾਰ ਕੀਤੇ ਗਇਆਂ ਦੀ ਕੁੱਟਮਾਰ ਰੁਕਵਾਉਣ ਅਤੇ ਉਹਨਾਂ ਨੂੰ ਰਿਹਾ ਕਰਵਾਉਣ ਲਈ ਇਹਨਾਂ ਅਖੌਤੀ ਆਮ ਆਦਮੀ ਆਗੂਆਂ ਨੇ ਕੁਝ ਨਹੀਂ ਕੀਤਾ। ਪਰ ਮੋਦੀ ਭਗਤਾਂ ਵਾਂਗ ਕੇਜ਼ਰੀ ਭਗਤਾਂ ਦੀਆਂ ਅੱਖਾਂ 'ਤੇ ਵੀ ਸ਼ਰਧਾ ਦੀਆਂ ਕਾਲੀਆਂ ਪੱਟੀਆਂ ਬੰਨੀਆਂ ਹਨ ਤਾਂ ਹੀ ਉਹਨਾਂ ਨੂੰ ਸਰਮਾਏਦਾਰਾਂ ਦੀ ਕੇਜ਼ਰੀਵਾਲ਼ ਦਲਾਲ ਮੰਡਲੀ ਦੀਆਂ ਕਰਤੂਤਾਂ ਵਿਖਾਈ ਨਹੀਂ ਦਿੰਦੀਆਂ। ਹੋਰ ਸਰਮਾਏਦਾਰਾ ਪਾਰਟੀਆਂ ਵਾਂਗ ਆਪ ਪਾਰਟੀ ਨੇ ਵੀ ਦਿੱਲੀ ਵਿੱਚ ਸਰਕਾਰ ਬਣਦੇ ਹੀ ਸਰਮਾਏਦਾਰਾਂ-ਵਪਾਰੀਆਂ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਹਨ ਪਰ ਮਜ਼ਦੂਰਾਂ ਨਾਲ਼ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਵਾਅਦੇ ਯਾਦ ਕਰਾਉਣ ਗਏ ਮਜ਼ਦੂਰਾਂ ਨਾਲ਼ ਇਹ ਉਸੇ ਤਰਾਂ ਪੇਸ਼ ਆਈ ਹੈ ਜਿਵੇਂ ਹੋਰ ਪਾਰਟੀਆਂ ਕਰਦੀਆਂ ਹਨ। ਮਹੀਨਾਂ ਪਹਿਲਾਂ ਵੀ ਦਿੱਲੀ ਮੈਟਰੋ ਮਜ਼ਦੂਰਾਂ ਦੇ ਮੁਜਾਹਰੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ। ਆਉਣ ਵਾਲ਼ੇ ਦਿਨਾਂ ਚ ਕੇਜ਼ਰੀਵਾਲ਼ ਦਲਾਲ ਮੰਡਲੀ ਲੋਕਾਂ ਵਿੱਚ ਹੋਰ ਨੰਗੀ ਹੋਵੇਗੀ। ਹੱਕ ਮੰਗਦੇ ਲੋਕਾਂ ਉੱਤੇ ਇਸਦਾ ਜ਼ਬਰ ਹੋਰ ਵਧਣਾ ਹੈ। ਪਰ ਇਸ ਜ਼ਾਬਰ ਟੋਲੇ ਉੱਤੇ ਵੀ ਹਰਭਜਨ ਸੋਹੀ ਦੀ ਕਵਿਤਾ ਦੀਆਂ ਇਹ ਸਤਰਾਹ੍ਂ ਪੂਰੀ ਤਰਾਂ ਢੁੱਕਦੀਆਂ ਹਨ -
ਜ਼ਬਰ ਨਾਕਾਮੀ ਹੋਰ ਜ਼ਬਰ,
ਜਦ ਤੀਕ ਨਾ ਮਿਲੇ ਕਬਰ।
ਹਰ ਜ਼ਾਬਰ ਦੀ ਇਹੋ ਕਹਾਣੀ,
ਕਰਨਾ ਜ਼ਬਰ ਤੇ ਮੂੰਹ ਦੀ ਖਾਣੀ...
- ਬਿਗੁਲ ਮਜ਼ਦੂਰ ਦਸਤਾ, ਲੁਧਿਆਣਾ
ਦਿੱਲੀ ਅਤੇ ਲੰਬੀ ਵਿੱਚ ਹੋਏ ਲਾਠੀਚਾਰਜ ਦੀ ਹੋਰ ਰਿਪੋਰਟ ਅਤੇ ਤਸਵੀਰਾਂ ਲਈ ਇਹ ਲਿੰਕ ਵੇਖੋ -
ਦਿੱਲੀ -
https://www.facebook.com/media/set/…
https://www.facebook.com/ajaynbs/posts/828383140566570
ਲੰਬੀ -
https://www.facebook.com/lakhwinder43/posts/1071092729573234
ਦਿੱਲੀ ਮਜ਼ਦੂਰਾਂ ਉੱਤੇ ਹੋਏ ਤਸ਼ੱਦਦ ਦੇ ਵਿਰੋਧ ਵਿੱਚ ਅਤੇ ਨਾਜਾਇਜ਼ ਤੌਰ ਉੱਤੇ ਗਿਰ੍ਫਤਾਰ ਕੀਤੇ ਮੁਜਾਹਰਾਕਾਰੀਆਂ ਨੂੰ ਰਿਹਾ ਕਰਾਉਣ ਲਈ ਇਸ ਪਟੀਸ਼ਨ ਉੱਤੇ ਹਸਤਾਖਰ ਜ਼ਰੂਰ ਕਰੋ-
https://www.change.org/p/arvind-kejriwal-unconditional-rele…
No comments:
Post a Comment